Monday, November 28, 2011

ਯਾਦ ਨਾਂ ਆ ਮੈਨੂੰ


ਪਾਣੀ ਦਿਆਂ ਵਹਿਣਾਂ ਵਿੱਚ,
ਕਦੇ ਬੰਦ ਨੈਣਾਂ ਵਿੱਚ,
ਲੱਭਦਾ ਹਾਂ ਤੈਨੂੰ,
ਕਦੇ ਆ ਕੇ ਮਿਲ ਮੈਨੂੰ....ਜਾਂ ਯਾਦ ਨਾਂ ਆ ਮੈਨੂੰ...

ਤੇਰਾ ਨਿੰਮਾ-ਨਿੰਮਾ ਹੱਸਣਾ,
ਕਦੇ ਹੱਸ ਕੇ ਘੂਰੀ ਵੱਟਣਾ,
ਅੱਜ ਵੀ ਜਦੋਂ ਯਾਦ ਆਉਂਦੈ,
ਮੇਰੇ ਨੈਣਾਂ ਨੂੰ ਰਵਾਉਂਦੈ, ਕਦੇ ਆ ਕੇ ਚੁੱਪ ਕਰਾ ਇਹਨੂੰ....ਜਾਂ ਯਾਦ ਨਾਂ ਆ ਮੈਨੂੰ...

'ਚਰਨ' ਛੱਤ 'ਤੇ ਬੈਠਾ ਤੁੱਕਾਂ ਜੋਡ਼ੀ ਜਾਵੇ ,
ਹਿਜਰ ਤੇਰੇ ਨਾਲ ਨੀਂਦ ਨੂੰ ਮੋੜੀ ਜਾਵੇ,
ਵਾਲਾਂ ਵਿਚ ਹੱਥ ਪਾ ਕੇ,
ਮੋਢੇ ਨਾਲ ਮੋਢਾ ਲਾ ਕੇ, ਆ ਕੇ ਤੂੰ ਸਵਾ ਮੈਨੂੰ....ਜਾਂ ਯਾਦ ਨਾਂ ਆ ਮੈਨੂੰ...

Sunday, November 27, 2011

ਅਵਤਾਰ ਸਿੰਘ ਪਾਸ਼ ਦੀ ਇੱਕ ਰਚਨਾ

ਕਿਰਤ ਦੀ ਲੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਿਸ ਦੀ ਕੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਗੱਦਾਰੀ ਲੋਭ ਦੀ ਮੁੱਠ, ਸਭ ਤੋਂ ਖਤਰਨਾਕ ਨਹੀਂ ਹੁੰਦੀ

ਬੈਠੇ ਸੁੱਤਿਆਂ ਫੜੇ ਜਾਣਾ - ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿਚ ਮੜੇ ਜਾਣਾ - ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਖਾਤਿਰ ਪੜਨ ਲੱਗ ਜਾਣਾ - ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ
ਨਾ ਹੋਣਾ ਤੜਪ ਦਾ
ਸਭ ਕੁਝ ਸਹਿਣ ਕਰ ਜਾਣਾ
ਘਰ ਤੋਂ ਨਿਕਲਣਾ ਕੰਮ
ਤੇ ਕੰਮ ਤੋਂ ਘਰ ਆਣਾ

ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਿਨਆਂ ਦਾ ਮਰ ਜਾਣਾ

ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ |

ਸਭ ਤੋ ਖਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ